PAPER ID: JPI/(Vol. 2 issue II ) /April to June 2026 /15-23/3
AUTHOR: ਡਾ. ਜੋਗਿੰਦਰ ਸਿੰਘ (Dr. Joginder Singh )
TITLE : ਸਮਕਾਲੀ ਯਥਾਰਥ ਦਾ ਪ੍ਰਵਚਨ: ਸੇਫਟੀ ਕਿੱਟ
ABSTRACT:-ਕਹਾਣੀਕਾਰ ਜਿੰਦਰ ਦੁਆਰਾ ਸਿਰਜਿਤ ਕਹਾਣੀ-ਸੰਗ੍ਰਹਿ ‘ਸੇਫਟੀ ਕਿੱਟ’ ਕਹਾਣੀ ਜਗਤ ਵਿੱਚ ਗੋਲਣਯੋਗ ਦਸਤਾਵੇਜ ਹੈ। ਹੱਥਲੇ ਖੋਜ ਪੱਤਰ ਵਿੱਚ ਅਸੀਂ ਇਹ ਤਲਾਸ਼ ਕਰਨ ਦਾ ਯਤਨ ਕੀਤਾ ਕਿ ਜਿੰਦਰ ਸਮਕਾਲੀ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਮਨੋਵਿਗਿਆਨਕ ਪ੍ਰਸੰਗਾਂ ਨੂੰ ਕਹਾਣੀ-ਕਲਾ ਰਾਹੀਂ ਕਿਸ ਤਰ੍ਹਾਂ ਪੇਸ਼ ਕਰਦਾ ਹੈ। ‘ਸੇਫਟੀ ਕਿੱਟ’ ਸੰਗ੍ਰਹਿ ਵਿੱਚ (ਮੇਰਾ ਕੋਈ ਕਸੂਰ ਨਹੀਂ, ਸ਼ਰਤ, ਬੰਦੇ ਬਿਨਾਂ, ਚੀਕਾਂ, ਕੜਿੱਕੀ, ਸੇਫਟੀ ਕਿੱਟ, ਸਕੈਚ, ਭਾਅ ਜੀ ਊਰਫ਼ ਕਾਮਰੇਡ, ਚਿਰਾਗ ਅਤੇ ਦੂਰੀਆਂ) ਕਹਾਣੀਆਂ ਦਰਜ ਹਨ। ਇਹ ਕਹਾਣੀਆਂ ਪਰਿਵਾਰਕ ਇੱਜ਼ਤ, ਹਿੰਸਕ ਮਾਨਸਿਕਤਾ ਅਤੇ ਮਨੁੱਖੀ ਸੰਵੇਦਨਾ ਦੇ ਟਕਰਾਅ ਨੂੰ ਉਜਾਗਰ ਕਰਦੀਆਂ ਹਨ। ਇਸਦੇ ਨਾਲ-ਨਾਲ ਮਨੁੱਖੀ ਮਨ ਦੀਆਂ ਦਬੀਆਂ ਇੱਛਾਵਾਂ, ਜਿਨਸੀ ਕੁੰਠਾ, ਇਕੱਲੇਪਣ, ਨੈਤਿਕ ਵਿਘਟਨ ਅਤੇ ਅਪਰਾਧ ਜਿਹੇ ਜਟਿਲ ਯਥਾਰਥ ਨੂੰ ਸਾਹਮਣੇ ਲਿਆਉਂਦੇ ਹਨ। ਇਨ੍ਹਾਂ ਕਹਾਣੀਆਂ ਵਿੱਚ ਪਰਵਾਸ, ਪਰਿਵਾਰਕ ਰਿਸ਼ਤਿਆਂ ਦਾ ਵਿਘਟਨ, ਔਰਤ ਦੀ ਸਥਿਤੀ, ਬੱਚਿਆਂ ਦੀ ਅਸੁਰੱਖਿਆ, ਸਿਆਸੀ ਚੇਤਨਾ, ਸਮਾਜਕ ਦੋਹਰੇ ਮਾਪਦੰਡ ਅਤੇ ਮਨੁੱਖੀ ਪਛਾਣ ਦੇ ਸੰਕਟ ਜਿਹੇ ਸਮਕਾਲੀ ਪ੍ਰਸ਼ਨਾਂ ਨੂੰ ਡੂੰਘੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ। ਹੱਥਲੇ ਖੋਜ ਪੱਤਰ ਵਿੱਚ ਸਮਕਾਲੀ ਯਥਾਰਥ ਦੀਆਂ ਘਟਨਾਵਾਂ ਦਾ ਵਰਣਨ ਨਹੀਂ ਹੈ ਬਲਕਿ ਇੱਕ ਪ੍ਰਵਚਨ ਵਜੋਂ ਸਮਝਣ ਦਾ ਯਤਨ ਕੀਤਾ ਗਿਆ ਹੈ, ਜਿਸ ਰਾਹੀਂ ਸਮਾਜ ਵਿੱਚ ਕਾਰਜਸ਼ੀਲ ਸੱਤਾ-ਸੰਬੰਧ, ਵਿਚਾਰਧਾਰਾਵਾਂ, ਨੈਤਿਕ ਮਾਪਦੰਡ ਅਤੇ ਸੱਭਿਆਚਾਰਕ ਬਣਤਰਾਂ ਦੀ ਪੜਤਾਲ ਸੰਭਵ ਹੁੰਦੀ ਹੈ। ਕਹਾਣੀਆਂ ਪੜਦਿਆਂ ਪਤਾ ਲੱਗਦਾ ਹੈ ਕਿ ‘ਸੇਫਟੀ ਕਿੱਟ’ ਸਮਕਾਲੀ ਪੰਜਾਬੀ ਸਮਾਜ ਦੀਆਂ ਅੰਦਰੂਨੀ ਵਿਰੋਧਾਭਾਸੀ ਸਥਿਤੀਆਂ, ਮਨੁੱਖੀ ਮਨ ਦੀਆਂ ਗੁੰਝਲਾਂ ਅਤੇ ਬਦਲਦੇ ਜੀਵਨ-ਮੁੱਲਾਂ ਦਾ ਪ੍ਰਮਾਣਿਕ ਸਾਹਿਤਕ ਦਸਤਾਵੇਜ਼ ਹੈ। ਇਸ ਲਈ ਸਾਡਾ ਹੱਥਲਾ ਖੋਜ ਪੱਤਰ ‘ਸੇਫਟੀ ਕਿੱਟ’ ਕਹਾਣੀ ਸੰਗ੍ਰਹਿ ‘ਚੋਂ ਸਮਕਾਲੀ ਯਥਾਰਥ ਦੇ ਪ੍ਰਵਚਨ ਦੀ ਤਲਾਸ਼ ਦੁਆਲੇ ਕੇਂਦਰਿਤ ਹੈ।
KEYWORDS:ਸਮਕਾਲੀ ਯਥਾਰਥ, ਪਰਵਾਸ, ਨੈਤਿਕ ਵਿਘਟਨ, ਜਿਨਸੀ ਸ਼ੋਸ਼ਣ, ਪਰਿਵਾਰਕ ਸੰਕਟ, ਸੱਤਾ-ਚੇਤਨਾ, ਸਮਾਜਕ ਵਿਸੰਗਤੀਆਂ, ਮਨੁੱਖੀ ਪਛਾਣ।
